ਇਸ ਵਾਰ ਝੋਨੇ ਦੀ ਵਾਢੀ ਸਮੇਂ ਕਿਸਾਨਾਂ ਨੂੰ ਆਵੇਗੀ ਇਹ ਵੱਡੀ ਮੁਸ਼ਕਿਲ

ਪੂਰੇ ਸੂਬੇ ਵਿਚ ਮੀਹ ਦੇ ਨਾਲ ਨਾਲ ਟਾਂਡਾ ਖੇਤਰ ਦੇ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਚੱਲੇ ਤੇਜ਼ ਝੱਖੜ ਅਤੇ ਮੀਂਹ ਪੈਣ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ‘ਚ ਵਿਛ ਜਾਣ ਕਾਰਣ ਕਿਸਾਨਾਂ ਦੇ ਦਿਲ ਬੁਰੀ ਤਰ੍ਹਾਂ ਟੁੱਟ ਗਏ ਹਨ। ਜਾਣਕਾਰੀ ਅਨੁਸਾਰ ਹੁਸਿਆਰਪੁਰ ਜ਼ਿਲ੍ਹੇ ‘ਚ ਪੈਂਦੇ ਉੜਮੁੜ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਝੱਖੜ ਅਤੇ ਮੀਂਹ ਦੇ ਨਾਲ ਪਿੰਡ ਪੁਲ ਪੁਖਤਾ, ਪਿਰੋਜ ਰੋਲੀਆ, ਬੈਂਸ ਅਵਾਨ, ਦਬੁਰਜੀ ਟਾਂਡਾ, ਜਲਾਲਪੁਰ, ਨੱਥੂਪੁਰ, ਰਾਣੀ ਪਿੰਡ, ਡਮਾਣਾ, ਸਮੇਤ ਹੋਰਨਾਂ ਦਰਜਨਾਂ ਹੀ ਪਿੰਡਾਂ ਵਿੱਚ ਭਾਰੀ ਬਰਸਾਤ ਕਾਰਨ ਝੋਨੇ ਦੀ ਪੱਕੀ ਹੋਈ 100 ਫੀਸਦੀ ਫਸਲ ਨੁਕਸਾਨੀ ਗਈ ਹੈ।

ਮਹੀਨੇ ਦੇ ਆਖਰੀ ਹਫ਼ਤੇ ਵਿੱਚ ਹੋਈ ਤੇਜ਼ ਬਰਸਾਤ ਅਤੇ ਚਲੇ ਝੱਖੜ ਕਾਰਨ ਹੋਏ ਝੋਨੇ ਦੇ ਨੁਕਸਾਨ ਤੋਂ ਹਾਲੇ ਕਿਸਾਨ ਸੰਭਲੇ ਵੀ ਨਹੀਂ ਸਨ ਕਿ ਬੀਤੇ ਦਿਨੀਂ ਪਏ ਮੀਹ ਅਤੇ ਹੋਈ ਨੁਕਸਾਨ ਕਾਰਨ ਬਾਸਮਤੀ ਸਮੇਤ ਪੱਕੀ ਖੜ੍ਹੀ ਝੋਨੇ ਦੀ ਫ਼ਸਲ ਨੂੰ ਮਾਰ ਪੈ ਗਈ। ਖੇਤਾਂ ਵਿੱਚ ਦੁਬਾਰਾ ਪਾਣੀ ਖੜ੍ਹ ਜਾਣ ਕਾਰਨ ਝੋਨੇ ਦਾ ਖੇਤਾਂ ਵਿੱਚ ਹੀ ਮੁੜ ਪੁੰਗਰਨ ਦਾ ਖਤਰਾ ਪੈਦਾ ਹੋ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਖਰੀਦੀਆਂ ਗਈਆਂ ਝੋਨੇ ਦੀਆਂ ਬੋਰੀਆਂ ਵੀ ਅਣਢੱਕੀਆਂ ਹੋਣ ਕਾਰਨ ਮੀਂਹ ਵਿੱਚ ਭਿੱਜ ਗਈਆ। ਇਸ ਤੋਂ ਇਲਾਵਾ ਇਸ ਬਰਸਾਤ ਕਾਰਨ ਉਨ੍ਹਾਂ ਦੀ ਝੋਨੇ ਦੀ ਪੱਕੀ ਹੋਈ ਫਸਲ ਖ਼ਰਾਬ ਹੋ ਕੇ ਦਾਣਾ ਕਾਲਾ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਬਿਜਲੀ ਸਪਲਾਈ ਵਿੱਚ ਵੀ ਦਿੱਕਤ ਆ ਰਹੀ ਹੈ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਨੁਕਸਾਨੀ ਹੋਈ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਸਰਕਾਰ ਨੂੰ ਮੁਆਵਜ਼ੇ ਦੀ ਮੰਗ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ ਤਾਂ ਕਿ ਕਿਸਾਨਾਂ ਦੀ ਮਿਹਨਤ ਦਾ ਮੁੱਲ ਮਿਲ ਸਕੇ।

ਕਿਸਾਨਾਂ ਨੇ ਦੱਸਿਆ ਕਿ ਇਸ ਮੀਹ ਨਾਲ ਇੱਕ ਤਾਂ ਧਰਤੀ ‘ਤੇ ਵਿਸ਼ ਚੁੱਕੀ ਝੋਨੇ ਦੀ ਫ਼ਸਲ ਦਾ ਝਾੜ ਘੱਟ ਜਾਵੇਗਾ ਅਤੇ ਦੂਜਾ ਕੰਬਾਈਨਾਂ ਨਾਲ ਵਢਾਈ ਕਰਨ ਵਿੱਚ ਪ੍ਰੇਸ਼ਾਨੀ ਹੋਵੇਗੀ ਅਤੇ ਕੰਬਾਈਨਾਂ ਵਾਲੇ ਆਪਣੀ ਮਨਮਰਜੀ ਦਾ ਭਾਅ ਮੰਗਣਗੇ। ਸਰਕਾਰ ਅੱਗੇ ਲਗਾਈ ਗੁਹਾਰ ਦਾ ਹੁਣ ਕਿਸਾਨਾਂ ਨੂੰ ਕਦੋਂ ਜਵਾਬ ਮਿਲਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।