ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਮੀਂਹ ਨੇ ਪੱਕੀ ਫਸਲ ਕੀਤੀ ਬਰਬਾਦ

ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਕਈ ਥਾਈਂ ਪੱਕੀ ਫਸਲ ਬਰਬਾਦ ਕਰ ਦਿੱਤੀ ਹੈ। ਇਸ ਮੀਹਂ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਪੂਰੇ ਪੰਜਾਬ ਵਿੱਚ ਝੋਨੇ ਦੀ ਫਸਲ ਲਗਭਗ ਵਾਢੀ ਲਈ ਤਿਆਰ ਹੈ ਪਰ ਪਿਛਲੇ ਤਿੰਨ ਦਿਨਾਂ ਤੋਂ ਪੈ ਰਿਹਾ ਮੀਹ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਖਤਰਾ ਹਾਲੇ ਵੀ ਟਲਿਆ ਨਹੀਂ।

ਪਿਛਲੇ 3-4 ਦਿਨਾਂ ਤੋਂ ਗੁਰਦਾਸਪੁਰ, ਪਠਾਨਕੋਟ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ ਪਟਿਆਲਾ, ਫਤਿਹਗੜ੍ਹ ਸਾਹਿਬ, ਮੁਹਾਲੀ, ਰੋਪੜ, ਮੋਗਾ, ਸੰਗਰੂਰ ਤੇ ਬਰਨਾਲਾ ਵਿੱਚ ਲਗਾਤਾਰ ਅਤੇ ਕਾਫੀ ਜ਼ੋਰਦਾਰ ਮੀਂਹ ਪੈ ਰਹੇ ਹਨ, ਪਰ ਸਭ ਤੋਂ ਜ਼ਿਆਦਾ ਨੁਕਸਾਨ ਮੁਹਾਲੀ, ਅੰਮ੍ਰਿਤਸਰ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਹੋਇਆ ਹੈ।

ਅੰਮ੍ਰਿਤਸਰ ਜਿਲ੍ਹੇ ਵਿੱਚ ਤਾਂ ਕਿਸਾਨਾਂ ਵੱਲੋਂ ਵੇਚਣ ਲਈ ਮੰਡੀਆਂ ਵਿੱਚ ਲਿਆਂਦੀ ਗਈ ਫਸਲ ਮੀਂਹ ਦੀ ਭੇਟ ਚੜ੍ਹ ਗਈ। ਜਿਹੜੇ ਇਲਾਕਿਆਂ ਵਿੱਚ ਝੋਨੇ ਦੀ ਫ਼ਸਲ ਵਾਢੀ ਲਈ ਤਿਆਰ ਸੀ, ਉੱਥੇ ਮੀਂਹ ਕਾਰਨ ਕਟਾਈ ਦਾ ਕੰਮ ਪੱਛੜ ਗਿਆ ਹੈ। ਇਸ ਬੇਮੌਸਮੇ ਮੀਂਹ ਕਾਰਨ ਝੋਨੇ ਦੀ ਫ਼ਸਲ ਵਿੱਚ ਨਮੀ ਵਧਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਮੌਨਸੂਨ ਅਜੇ ਕਈ ਦਿਨ ਹੋਰ ਸਰਗਰਮ ਰਹੇਗਾ। ਮਾਹਿਰਾਂ ਮੁਤਾਬਕ ਮੌਨਸੂਨ ਸਾਢੇ ਚਾਰ ਦਹਾਕਿਆਂ ਵਿੱਚ ਪਹਿਲੀ ਵਾਰੀ ਅਕਤੂਬਰ ਮਹੀਨੇ ਤੱਕ ਦੇਸ਼ ਵਿਚ ਸਰਗਰਮ ਹੈ। ਨਹੀਂ ਤਾਂ ਆਮ ਤੌਰ ’ਤੇ ਮਾਨਸੂਨ 10 ਤੋਂ 15 ਸਤੰਬਰ ਵਿਚਕਾਰ ਵਾਪਸ ਪਰਤ ਜਾਂਦਾ ਹੈ। ਇਸੇ ਕਾਰਨ ਆਉਣ ਵਾਲੇ ਕੁਝ ਦਿਨ ਹੋਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।